Saturday, June 20, 2009

ਤੁਰਨ ਦੀ ਜਾਚ

ਮੈਂ
ਤੁਰਦਾ ਹਾਂ ਬਾਹਰ
ਤੇ ਤੱਕਦਾ ਹਾਂ ਅੰਦਰ

ਮੈਂ
ਤੁਰਦਾ ਹਾਂ ਅੰਦਰ
ਤੇ ਭਟਕਦਾ ਹਾਂ ਬਾਹਰ

ਇੱਕ ਉਮਰ ਲੰਘ ਚੱਲੀ ਹੈ
ਪਰ ਮੈਨੂੰ ਅਜੇ ਵੀ ਤੁਰਨ ਦੀ
ਜਾਚ ਨਹੀਂ ਆਈ |

ਚਾਨਣ

ਬੱਚੇ ਦੇ ਹੱਥ ਵਿੱਚ
ਜਗਦਾ ਹੋਇਆ ਦੀਵਾ ਵੇਖ
ਫਕੀਰ ਨੇ ਪੁੱਛਿਆ -
ਚਾਨਣ ਕਿੱਥੋਂ ਆਇਆ ?

ਬੱਚੇ ਨੇ ਫੂਕ ਮਾਰ
ਦੀਵਾ ਬੁਝਾ ਕੇ ਆਖਿਆ -
ਜਿੱਧਰ ਇਹ ਚਲਾ ਗਿਆ

ਫਕੀਰ ਸਮਝ ਗਿਆ
ਕਿ ਹਰ ਇੱਕ ਸਵਾਲ ਦਾ ਜਵਾਬ
ਬਹਿਸ ਵਿੱਚੋਂ ਹੀ ਜਨਮ ਨਹੀਂ ਲੈਂਦਾ |

ਵਿਦਵਾਨ

ਦੀਵਾ ਬਾਲ ਕੇ
ਪੁਸਤਕ ਲੱਭੀ
ਰੈਣ ਵਿਹਾਈ

ਉਮਰ ਗਵਾਈ
ਕੁਝ ਹੱਥ ਨਾ ਆਇਆ
ਇੱਕ ਸ਼ਬਦ ਚਾਨਣ ਦੇ
ਅਰਥ ਕਰਦਿਆਂ |

Thursday, June 11, 2009

ਯਾਦ

ਅੱਜ ਦਿਨ ਭਰ ਤੇਰੀ ਯਾਦ
ਇਸ ਤਰਾਂ ਮੇਰੇ ਨਾਲ ਰਹੀ
ਜਿਵੇਂ ਕਾਲ-ਕੋਠੜੀ ਦੀ ਭੂਰੀ
ਉਦਾਸ ਖਿੜਕੀ ਦੇ ਪਰੇ
ਬਸੰਤ ਦੀ ਸੁਨਹਿਰੀ ਧੁੱਪ ਵਿੱਚ
ਖਿੜਿਆ ਹੋਇਆ ਗੁਲਾਬ

ਰਿਸ਼ਤਾ

ਚੰਨ ਭਾਵੇਂ
ਕਿੰਨਾ ਵੀ ਦੂਰ ਹੋਵੇ
ਉਹ ਨਦੀ ਦੀ
ਗੋਦ ਵਿੱਚ ਹੁੰਦਾ ਹੈ

Tuesday, June 9, 2009

ਅਸੀਸ

ਬਿਖੜਾ ਰਸਤਾ
ਔਝੜ ਪੈਂਡਾ
ਹਨੇਰੀਆਂ ਰਾਤਾਂ
ਸੌ ਸੱਪ-ਸਲੂਟੀ
ਲੱਖਾਂ ਡਰ-ਭਉ
ਤੇ ਦੂਰ ਹੈ ਮੰਜ਼ਿਲ

ਪਰ ਪੁੱਤਰ,
ਆਹ ਲੈ ਦੀਵਾ
ਆਹ ਲੈ ਬੱਤੀ
ਤੇ ਜਿਊਣ ਜੋਗਿਆ,
ਚਿਣਗ ਆਪਣੇ
ਅੰਦਰ ਦੀ ਬਾਲ ਲਵੀਂ !

ਕਵਿਤਾ

ਮੈਂ ਕਵਿਤਾ ਲਿਖ ਲੈਂਦਾ ਹਾਂ
ਸੁੱਕੇ ਹੋਏ ਪੱਤੇ ਵਿੱਚੋਂ
ਝਾਕਦੀਆਂ ਹਰੀਆਂ ਲਕੀਰਾਂ ਵਰਗੀ

ਪਰ ਜੋ ਇੱਕ ਸੰਘਣਾ ਸੁਹਾਵਨਾ
'ਤੇ ਹਰਿਆ ਭਰਿਆ ਬਿਰਖ
ਇਸ ਵਿੱਚ ਨਹੀਂ ਦੀਹਦਾ
ਉਹਦਾ ਮੈਂ ਕੀ ਕਰਾਂ !!!